67ਵੀਆਂ ਸਕੂਲ ਰਾਸ਼ਟਰੀ ਖੇਡਾਂ ‘ਚ ਮੇਜ਼ਬਾਨ ਪੰਜਾਬ ਬਣਿਆ ਹਾਕੀ ਚੈਂਪੀਅਨ

ਪੰਜਾਬ (ਲੜਕੇ) ਟੀਮ ਨੇ ਉੱਤਰ-ਪ੍ਰਦੇਸ਼ ਨੂੰ 2-0 ਹਰਾ ਫਾਈਨਲ ਜੇਤੂ ਬਣੀ

ਪੰਜਾਬ (ਲੜਕੀਆਂ)ਦੀ ਟੀਮ ਨੇ ਮੱਧ-ਪ੍ਰਦੇਸ਼ ਨੂੰ 2-0 ਨਾਲ ਹਰਾ ਬਣੀ ਜੇਤੂ

ਜਲੰਧਰ, 11 ਜਨਵਰੀ (ਪੁਲਿਸ ਮੋਨੀਟਰ) 67ਵੀਆਂ ਸਕੂਲ ਰਾਸ਼ਟਰੀ ਖੇਡਾਂ (ਹਾਕੀ) ਚੈਂਪੀਅਨਸ਼ਿਪ ਦੇ ਆਖਰੀ ਦਿਨ ਅੱਜ ਮੇਜ਼ਬਾਨ ਪੰਜਾਬ ਦੀਆਂ( ਲੜਕੇ ਤੇ ਲੜਕੀਆਂ) ਹਾਕੀ ਟੀਮਾਂ ਨੇ ਫਾਈਨਲ ਜੇਤੂ ਬਣ ਰਾਸ਼ਟਰੀ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ।

ਸਥਾਨਕ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਖੇ ਚੱਲ ਰਹੇ ਮੁਕਾਬਲਿਆਂ ਵਿਚ ਜਲੰਧਰ ਤੋਂ ਸੰਸਦ ਮੈਂਬਰ ਮਾਣਯੋਗ ਸੁਸ਼ੀਲ ਕੁਮਾਰ ਰਿੰਕੂ ਵੱਲੋਂ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ। ਜਦਕਿ ਅਰਜੁਨ ਅਵਾਰਡੀ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਵੱਲੋਂ ਵਿਸ਼ੇਸ਼ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ ਗਈ।

ਉੱਪ ਜਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਸਟੇਟ ਅਵਾਰਡੀ ਰਾਜੀਵ ਜੋਸ਼ੀ ਵਲੋਂ ਮੁੱਖ ਮਹਿਮਾਨ , ਵਿਸ਼ੇਸ਼ ਮਹਿਮਾਨ ਤੇ ਹੋਰ ਪਤਵੰਤਿਆਂ ਨੂੰ ਜੀ ਆਇਆਂ ਆਖਿਆ ਗਿਆ। ਉਨ੍ਹਾਂ ਵਲੋਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਮਾਣਯੋਗ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਕਰਵਾਏ ਇਸ ਰਾਸ਼ਟਰ ਪੱਧਰੀ ਟੂਰਨਾਮੈਂਟ ਦੌਰਾਨ ਜਿਲ੍ਹੇ ਵਿੱਚ ਦੇਸ਼ ਭਰ ਦੇ ਵੱਖ-ਵੱਖ ਰਾਜਾਂ ਤੋਂ ਲੜਕੇ ਅਤੇ ਲੜਕੀਆਂ ਦੀਆਂ 50 ਹਾਕੀ ਟੀਮਾਂ ਦੇ 950 ਦੇ ਕਰੀਬ ਖਿਡਾਰੀਆਂ ਅਤੇ ਆਫੀਸ਼ਲ ਮੈਂਬਰਾਂ ਨੇ ਭਾਗ ਲਿਆ ਗਿਆ। ਉਹਨਾ ਇਹ ਵੀ ਦੱਸਿਆ ਕਿ ਸਮੂਹ ਖਿਡਾਰੀਆਂ ਦੇ ਰਹਿਣ ਅਤੇ ਖਾਣ-ਪੀਣ ਦੇ ਪ੍ਰਬੰਧਾਂ ਦਾ ਵਿਸ਼ੇਸ਼ ਧਿਆਨ ਰੱਖਿਆ ਗਿਆ । ਮੁੱਖ ਮਹਿਮਾਨ ਸੰਸਦੀ ਮੈਂਬਰ ਸ਼ੁਸ਼ੀਲ ਰਿੰਕੂ, ਵਿਸ਼ੇਸ਼ ਮਹਿਮਾਨ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਵਲੋਂ ਖਿਡਾਰੀਆਂ ਨਾਲ ਮੁਲਾਕਾਤ ਕਰ, ਉਹਨਾਂ ਨੂੰ ਖੇਡ ਭਾਵਨਾ ਨਾਲ ਵਧੀਆ ਖੇਡ ਪ੍ਰਦਰਸ਼ਨ ਲਈ ਪ੍ਰੇਰਿਤ ਕੀਤਾ ਗਿਆ।

ਇਸ ਮੌਕੇ ਮੁੱਖ ਮਹਿਮਾਨ ਸੰਸਦੀ ਮੈਂਬਰ ਮਾਣਯੋਗ ਸੁਸ਼ੀਲ ਕੁਮਾਰ ਰਿੰਕੂ ਨੇ ਨੈਸ਼ਨਲ ਖੇਡਾਂ ਦੇ ਸਫਲ ਪ੍ਰਬੰਧ ਕਰਨ ਲਈ ਉੱਪ ਜਿੱਲ੍ਹਾ ਸਿੱਖਿਆ ਅਫ਼ਸਰ ਰਾਜੀਵ ਜੋਸ਼ੀ ਅਤੇ ਸਮੂਹ ਪ੍ਰਬੰਧਕੀ ਕਮੇਟੀ ਦੀ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਸੂਬੇ ਵਿੱਚ ਖੇਡਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਵਿਸ਼ਵਾਸ ਦਵਾਉਂਦਿਆਂ ਇਹ ਵੀ ਵਾਅਦਾ ਕੀਤਾ ਕਿ ਇਸ ਤਰ੍ਹਾਂ ਦੇ ਹੋਰ ਵੀ ਟੂਰਨਾਮੈਂਟ ਜ਼ਿੱਲ੍ਹੇ ਵਿੱਚ ਕਰਵਾਏ ਜਾਣਗੇ ਅਤੇ ਖਿਡਾਰੀਆਂ ਨੂੰ ਬਹੁ-ਤਕਨੀਕੀ ਗਰਾਊਂਡਾਂ ਅਤੇ ਖੇਡਾਂ ਦਾ ਸਮਾਨ ਵੀ ਮੁਹਈਆ ਕਰਵਾਇਆ ਜਾਏਗਾ।

ਅਰਜੁਨ ਅਵਾਰਡੀ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਵੱਲੋਂ ਫਾਈਨਲ ਮੈਚ ਦੀਆਂ ਜੇਤੂ ਟੀਮਾਂ ਦੇ ਨਾਲ ਦੂਸਰੇ ਅਤੇ ਤੀਸਰੇ ਸਥਾਨ ਤੇ ਰਹੀਆਂ ਟੀਮਾਂ ਨੂੰ ਵਧਾਈ ਦਿੰਦਿਆਂ ਉਹਨਾਂ ਦੇ ਬਿਹਤਰ ਭਵਿੱਖ ਲਈ ਕਾਮਨਾ ਕੀਤੀ ਗਈ। ਡੀ.ਐਮ ਸਪੋਰਟਸ ਇਕਬਾਲ ਸਿੰਘ ਰੰਧਾਵਾ ਨੇ ਜਾਣਕਾਰੀ ਦਿੱਤੀ ਕਿ ਸਮੂਹ ਟੀਮਾਂ ਦੇ ਲੀਗ ਮੈਚ, ਪ੍ਰੀ-ਕੁਆਰਟਰ, ਕੁਆਰਟਰ ਫਾਈਨਲ ਅਤੇ ਫਾਈਨਲ ਮੈਚ ਜਿਲੇ ਦੇ ਸੁਰਜੀਤ ਹਾਕੀ ਸਟੇਡੀਅਮ, ਬੀ.ਐਸ.ਐਫ ਹਾਕੀ ਗਰਾਊਂਡ, ਪੀ.ਏ.ਪੀ ਹਾਕੀ ਗਰਾਊਂਡ ਅਤੇ ਖਾਲਸਾ ਕਾਲਜ ਦੇ ਹਾਕੀ ਗਰਾਊਡਾਂ ਵਿੱਚ ਸਫਲਤਾ ਪੂਰਵਕ ਕਰਵਾਏ ਗਏ। ਜਿੱਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਡਾ: ਕੁਲਤਰਨਜੀਤ ਸਿੰਘ ਵੱਲੋਂ ਮੁੱਖ ਮਹਿਮਾਨ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਅਤੇ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਦਾ ਇਸ ਸਮਾਗਮ ਵਿੱਚ ਪਹੁੰਚਣ ‘ਤੇ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਅੱਜ ਲੜਕੀਆਂ ਦੇ ਫਾਈਨਲ ਮੈਚ ਵਿੱਚ ਖਿਡਾਰਨਾਂ ਮਨਪ੍ਰੀਤ ਕੌਰ ਅਤੇ ਪਵਨਪ੍ਰੀਤ ਕੌਰ ਵੱਲੋਂ ਕੀਤੇ ਗੋਲਾਂ ਦੀ ਬਦੌਲਤ ਪੰਜਾਬ ਨੇ ਮੱਧ ਪ੍ਰਦੇਸ਼ ਨੂੰ 2-0 ਨਾਲ ਹਰਾ ਰਾਸ਼ਟਰੀ ਚੈਂਪੀਅਨ ਬਣਨ ਵਿਚ ਕਾਮਯਾਬ ਹੋਇਆ।

ਜਦਕਿ ਲੜਕਿਆਂ ਦੇ ਫਾਈਨਲ ਮੈਚ ਵਿੱਚ ਤੇਜ਼ – ਤਰਾਰ ਖਿਡਾਰੀ ਹਰਮੋਲਬੀਰ ਸਿੰਘ ਵਲੋਂ ਕੀਤੇ ਦੋ ਫੀਲਡ ਗੋਲਾਂ ਸੱਦਕਾ ਮੇਜ਼ਬਾਨ ਪੰਜਾਬ ਟੀਮ ਨੇ ਉੱਤਰ ਪ੍ਰਦੇਸ਼ ਨੂੰ 2-0 ਨਾਲ ਹਰਾ 67ਵੀਆਂ ਸਕੂਲ ਰਾਸ਼ਟਰੀ ਖੇਡਾਂ ( ਹਾਕੀ) 19-ਸਾਲ ਵਰਗ ਦੀ ਚੈਂਪੀਅਨ ਬਣੀ। ਜਦ ਕਿ ਓਡੀਸ਼ਾ (ਲੜਕੀਆਂ) ਦੀ ਟੀਮ ਨੇ ਮਹਾਰਾਸ਼ਟਰ ਨੂੰ 2-1 ਨਾਲ ਹਰਾ ਕੇ ਅਤੇ ਹਰਿਆਣਾ (ਲੜਕੇ) ਦੀ ਟੀਮ ਨੇ ਓਡੀਸ਼ਾ ਨੂੰ 4-2 ਨਾਲ ਹਰਾ ਕੇ ਟੂਰਨਾਮੈਂਟ ਵਿੱਚ ਤੀਸਰਾ ਸਥਾਨ ਪ੍ਰਾਪਤ ਕਰਨ ਵਿਚ ਕਾਮਯਾਬੀ ਪਾਈ।

ਅੱਜ ਦੇ ਫਾਈਨਲ ਮੁਕਾਬਲਿਆਂ ਦੌਰਾਨ ਉੱਪ ਜਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ ਸਿੱਖਿਆ) ਮੁਨੀਸ਼ ਕੁਮਾਰ, ਪ੍ਰਿੰਸੀਪਲ ਭੁਪਿੰਦਰ ਪਾਲ ਸਿੰਘ, ਹਰਮੇਸ਼ ਲਾਲ ਘੇੜਾ, ਚੰਦਰ ਸ਼ੇਖਰ, ਰਜਿੰਦਰਪਾਲ ਸਿੰਘ, ਅਨਿਲ ਕੁਮਾਰ ਅਵਸਥੀ, ਤਜਿੰਦਰ ਸਿੰਘ, ਨਵਤੇਜ ਸਿੰਘ ਬੱਲ, ਸ਼ਸ਼ੀ ਕੁਮਾਰ, ਦਿਨੇਸ਼ ਕੁਮਾਰ, ਹੈੱਡਮਾਸਟਰ ਹਰਬਿੰਦਰ ਪਾਲ, ਰਮਨ ਕੁਮਾਰ ਪੀ.ਟੀ.ਆਈ , ਡੀ.ਪੀ.ਈ ਵਿਕਰਮ ਮਲਹੋਤਰਾ, ਵਿਕਾਸ ਚੱਢਾ , ਅਮਰਿੰਦਰ ਜੀਤ ਸਿੰਘ ਸਿੱਧੂ ਅਤੇ ਹਰਜੀਤ ਸਿੰਘ ਮੌਜੂਦ ਸਨ। ਅੱਜ ਦੇ ਸਮਾਗਮ ਦੌਰਾਨ ਸਟੇਜ ਸਕੱਤਰ ਦੀ ਭੂਮਿਕਾ ਬਲਜੀਤ ਕੌਰ ਬੱਲ ਅਤੇ ਰੋਹਿਤ ਸੈਣੀ ਵੱਲੋਂ ਨਿਭਾਈ ਗਈ।

Leave a Reply

Your email address will not be published. Required fields are marked *