ਜਲੰਧਰ: ਕਮਿਸ਼ਨਰੇਟ ਪੁਲਿਸ ਜਲੰਧਰ ਨੇ ਨਸ਼ਾ ਤਸਕਰਾਂ ਅਤੇ ਗ਼ੈਰ-ਕਾਨੂੰਨੀ ਹਥਿਆਰਾਂ ਵਿਰੁੱਧ ਚਲਾਈ ਮੁਹਿੰਮ ਤਹਿਤ ਇੱਕ ਵਿਅਕਤੀ ਨੂੰ ਹੈਰੋਇਨ, ਡਰੱਗ ਮਨੀ ਅਤੇ ਨਾਜਾਇਜ਼ ਹਥਿਆਰਾਂ ਸਮੇਤ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਪੁਲਿਸ ਕਮਿਸ਼ਨਰ ਸ੍ਰੀ ਸਤਿੰਦਰ ਸਿੰਘ (ਆਈ.ਪੀ.ਐਸ.) ਦੇ ਦਿਸ਼ਾ-ਨਿਰਦੇਸ਼ਾਂ ਅਤੇ ਏ.ਡੀ.ਸੀ.ਪੀ. ਸਿਟੀ-2 ਸ਼੍ਰੀਮਤੀ ਮਾਧਵੀ ਸ਼ਰਮਾ (ਪੀ.ਪੀ.ਐਸ.) ਤੇ ਏ.ਸੀ.ਪੀ. ਮਾਡਲ ਟਾਊਨ ਸ੍ਰੀ ਮਨਮੋਹਨ ਸਿੰਘ (ਪੀ.ਪੀ.ਐਸ.) ਦੀ ਅਗਵਾਈ ਹੇਠ ਥਾਣਾ ਡਵੀਜ਼ਨ ਨੰਬਰ 7 ਦੀ ਪੁਲਿਸ ਟੀਮ (ਮੁੱਖ ਅਫ਼ਸਰ ਇੰਸਪੈਕਟਰ ਰਵਿੰਦਰ ਕੁਮਾਰ) ਨੇ ਇਹ ਕਾਰਵਾਈ ਅਮਲ ਵਿੱਚ ਲਿਆਂਦੀ।
ਪੁਲਿਸ ਪਾਰਟੀ ਵੱਲੋਂ ਗਸ਼ਤ ਦੌਰਾਨ ਜਮਸ਼ੇਰ ਰੋਡ ਵੱਲੋਂ ਪੈਦਲ ਆ ਰਹੇ ਇੱਕ ਨੌਜਵਾਨ ਨੂੰ ਸ਼ੱਕੀ ਹਾਲਤ ਵਿੱਚ ਰੋਕ ਕੇ ਕਾਬੂ ਕੀਤਾ ਗਿਆ। ਫੜੇ ਗਏ ਮੁਲਜ਼ਮ ਦੀ ਪਛਾਣ ਰਾਜਾ ਪੁੱਤਰ ਮੁਹੰਮਦ ਨੁਸਰਤ, ਵਾਸੀ ਬਿਹਾਰਾ ਸੋਹਲਖਾਨ (ਸੁਪੌਲ, ਬਿਹਾਰ), ਹਾਲ ਵਾਸੀ ਨੇੜੇ ਨਸ਼ਾ ਛਡਾਊ ਕੇਂਦਰ, ਜੰਡੂ ਸਿੰਘਾ/ਦੀ ਬੜਚ, ਜਲੰਧਰ ਵਜੋਂ ਹੋਈ ਹੈ।
ਤਲਾਸ਼ੀ ਦੌਰਾਨ ਅਤੇ ਬਾਅਦ ਵਿੱਚ ਪੁਲਿਸ ਰਿਮਾਂਡ ਦੌਰਾਨ ਮੁਲਜ਼ਮ ਦੇ ਖ਼ੁਲਾਸੇ ‘ਤੇ ਪਿੰਡ ਸੁਭਾਨਾ ਨੇੜਿਓਂ ਨਾਜਾਇਜ਼ ਅਸਲਾ ਵੀ ਬਰਾਮਦ ਕੀਤਾ ਗਿਆ।
ਬਰਾਮਦਗੀ ਦਾ ਵੇਰਵਾ:
- 60 ਗ੍ਰਾਮ ਹੈਰੋਇਨ
- ₹2,500 ਡਰੱਗ ਮਨੀ
- 1 ਦੇਸੀ ਕੱਟਾ (.315 ਬੋਰ)
- 1 ਦੇਸੀ ਪਿਸਤੌਲ (.32 ਬੋਰ) ਸਮੇਤ 3 ਜ਼ਿੰਦਾ ਕਾਰਤੂਸ

ਮਾਮਲਾ ਦਰਜ ਤੇ ਅਗਲੀ ਕਾਰਵਾਈ:
ਮੁਲਜ਼ਮ ਖ਼ਿਲਾਫ਼ ਥਾਣਾ ਡਵੀਜ਼ਨ ਨੰਬਰ 7, ਕਮਿਸ਼ਨਰੇਟ ਜਲੰਧਰ ਵਿਖੇ ਐਨ.ਡੀ.ਪੀ.ਐਸ. ਐਕਟ ਦੀ ਧਾਰਾ 21-B, 27A, 61-85 ਅਤੇ ਆਰਮਜ਼ ਐਕਟ ਦੀ ਧਾਰਾ 25(1)(A), 25(1)(B), 25(8)-54-59 ਤਹਿਤ ਮੁਕੱਦਮਾ ਨੰਬਰ 198 ਦਰਜ ਕੀਤਾ ਗਿਆ ਹੈ। ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਉਕਤ ਮੁਲਜ਼ਮ ਖ਼ਿਲਾਫ਼ ਪਹਿਲਾਂ ਵੀ ਲੁੱਟ-ਖੋਹ, ਕੁੱਟਮਾਰ ਅਤੇ ਐਨ.ਡੀ.ਪੀ.ਐਸ. ਐਕਟ ਤਹਿਤ ਲਗਭਗ 6 ਵੱਖ-ਵੱਖ ਅਪਰਾਧਿਕ ਮਾਮਲੇ ਦਰਜ ਹਨ। ਪੁਲਿਸ ਵੱਲੋਂ ਮਾਮਲੇ ਦੀ ਅਗਲੀ ਤਫ਼ਤੀਸ਼ ਜਾਰੀ ਹੈ।
