10 ਮਹੀਨਿਆਂ ’ਚ ਪੁਲਿਸ ਦੀ ਵੱਡੀ ਕਾਰਵਾਈ, ਪੜ੍ਹੋ ਕਿੰਨੀ ਹੈਰੋਇਨ ਤੇ ਮਾਮਲੇ ਕੀਤੇ ਦਰਜ

ਪੰਜਾਬ ਪੁਲਿਸ ਨੇ ਨਸ਼ੇ ਦੇ ਖ਼ਿਲਾਫ਼ ਲੜਾਈ ਲੜਦੇ ਹੋਏ ਪਹਿਲੇ 10 ਮਹੀਨਿਆਂ ਦੇ ਘੱਟ ਸਮੇਂ ’ਚ 1090 ਕਿੱਲੋ ਹੈਰੋਇਨ ਫੜੀ ਹੈ। ਜਾਣਕਾਰੀ ਅਨੁਸਾਰ 10 ਮਹੀਨਿਆਂ ਵਿਚ ਪੁਲਿਸ ਨੇ ਵੱਖ-ਵੱਖ ਜ਼ਿਲ੍ਹਿਆਂ ਵਿਚ 9571 ਮਾਮਲੇ ਦਰਜ ਕੀਤੇ ਹਨ। ਨਸ਼ਾ ਤਸਕਰੀ ਵਿਚ ਸ਼ਾਮਲ 13,197 ਮੁਲਜ਼ਮਾਂ ਨੂੰ ਗਿ੍ਰਫ਼ਤਾਰ ਕੀਤਾ ਹੈ।

ਇਸ ਤੋਂ ਪਹਿਲਾਂ ਪੰਜਾਬ ਪੁਲਿਸ ਵੱਲੋਂ ਹੈਰੋਇਨ ਦੀ ਸਭ ਤੋਂ ਵੱਡੀ ਬਰਾਮਦਗੀ ਸਾਲ 2020 ’ਚ ਕੀਤੀ ਗਈ ਸੀ। 2020 ’ਚ ਪੁਲਿਸ ਵੱਲੋਂ 759.82 ਕਿੱਲੋ ਹੈਰੋਇਨ ਫੜੀ ਗਈ ਸੀ। ਇਸ ਸਾਲ ਦੀ ਹੈਰੋਇਨ ਦੇ ਰਿਕਾਰਡ ਜ਼ਬਤੀ ਦਾ ਕਾਰਨ ਮੌਨਸੂਨ ਦੇ ਮੌਸਮ ਦੌਰਾਨ ਪਾਕਿਸਤਾਨ ਸਥਿਤ ਤਸਕਰਾਂ ਵੱਲੋਂ ਪੰਜਾਬ ਵਿਚ ਨਸ਼ੀਲੀਆਂ ਦਵਾਈਆਂ ਨੂੰ ਧੱਕਣ ਦੀਆਂ ਵਧਦੀਆਂ ਕੋਸ਼ਿਸ਼ਾਂ ਨੂੰ ਮੰਨਿਆ ਜਾ ਰਿਹਾ ਹੈ। ਪੁਲਿਸ ਨੇ ਦਰਿਆਈ ਖੇਤਰਾਂ ਜ਼ਰੀਏ ਸਰਹੱਦ ਪਾਰੋਂ ਇਕ ਹੀ ਵਾਰ ’ਚ ਭਾਰੀ ਮਾਤਰਾ ਵਿਚ 30 ਕਿੱਲੋ ਅਤੇ ਉਸ ਤੋਂ ਵੱਧ ਡਰੱਗਜ਼ ਭੇਜਣ ਦੇ ਯਤਨਾਂ ਦਾ ਇਕ ਨਵਾਂ ਚਲਨ ਦੇਖਿਆ। ਡਰੱਗਜ਼ ’ਤੇ ਵਿਸ਼ੇਸ਼ ਕਾਰਜ ਬਲ ਅਤੇ ਜ਼ਿਲ੍ਹਾ ਪੁਲਿਸ ਤੋਂ ਇਲਾਵਾ ਸਪੈਸ਼ਲ ਸਰਵਿਸਿਜ਼ ਆਪ੍ਰੇਸ਼ਨ ਸੈੱਲ, ਕਾਊਂਟਰ ਇੰਟੈਲੀਜੈਂਸ ਨੇ ਨਸ਼ਾ ਤਸਕਰੀ ਨੂੰ ਰੋਕਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ।

ਅਧਿਕਾਰੀਆਂ ਮੁਤਾਬਕ ਹੈਰੋਇਨ ਤੋਂ ਇਲਾਵਾ ਪੁਲਿਸ ਨੇ 778.36 ਕਿੱਲੋ ਅਫੀਮ, 32,883.04 ਕਿੱਲੋ ਪੋਸਤ ਭੂਕੀ, 55.44 ਕਿੱਲੋ ਚਰਸ ਅਤੇ 0.07 ਕਿੱਲੋ ਕੋਕੀਨ ਜ਼ਬਤ ਕੀਤੀ ਹੈ। ਪੁਲਿਸ ਨੇ ਸਖ਼ਤ ਕਾਰਵਾਈ ਕਰਦਿਆਂ 111 ਡਰੱਗਜ਼ ਤਸਕਰਾਂ ਦੀ ਜਾਇਦਾਦ ਕੁਰਕ ਕੀਤੀ ਹੈ।ਪੁਲਿਸ ਵੱਲੋਂ 70 ਪ੍ਰਤੀਸ਼ਤ ਤੋਂ ਵੱਧ ਮਾਮਲਿਆਂ ਵਿਚ ਦੋਸ਼ ਪੱਤਰ ਪਹਿਲਾਂ ਹੀ ਦਾਇਰ ਕੀਤੇ ਜਾ ਚੁੱਕੇ ਹਨ। ਪੁਲਿਸ ਦਾ ਟੀਚਾ ਐੱਨਡੀਪੀਐੱਸ ਮਾਮਲਿਆਂ ਵਿਚ 100 ਪ੍ਰਤੀਸ਼ਤ ਦੋਸ਼ ਪੱਤਰ ਦਾਖਲ ਕਰਨਾ ਹੈ। ਐੱਨਡੀਪੀਐੱਸ ਐਕਟ ਮੁਤਾਬਕ ਦੋਸ਼ ਪੱਤਰ ਦਾਖ਼ਲ ਕਰਨ ਵਿਚ ਕਮਰਸ਼ੀਅਲ ਮਾਤਰਾ ਵਿਚ ਡਰੱਗਜ਼ (250 ਗ੍ਰਾਮ) ਦੀ ਜ਼ਬਤੀ ਦੇ ਮਾਮਲੇ ਵਿਚ ਪੁਲਿਸ ਇਸ ਨੂੰ 180 ਦਿਨਾਂ ਵਿਚ ਦਰਜ ਕਰ ਸਕਦੀ ਹੈ। ਗੈਰ-ਕਮਰਸ਼ੀਅਲ ਮਾਤਰਾ ਦੇ ਮਾਮਲਿਆਂ ਵਿਚ ਦੋਸ਼ ਪੱਤਰ 60 ਦਿਨਾਂ ਵਿਚ ਦਾਇਰ ਕੀਤਾ ਜਾ ਸਕਦਾ ਹੈ।

Leave a Reply

Your email address will not be published. Required fields are marked *