ਪੰਜਾਬ ਪੁਲਸ ਵੱਲੋਂ 2023 ’ਚ ਸਭ ਤੋਂ ਵੱਧ 1161 ਕਿਲੋ ਹੈਰੋਇਨ ਬਰਾਮਦ, ਗੈਂਗਸਟਰਾਂ ਦੇ ਐਨਕਾਊਂਟਰ ”ਤੇ ਕੀਤਾ ਵੱਡਾ ਖ਼ੁਲਾਸਾ

ਪੰਜਾਬ ਪੁਲਸ ਨੇ ਦਾਅਵਾ ਕੀਤਾ ਹੈ ਕਿ ਉਹ ਸੂਬੇ ਵਿਚ ਕਿਸੇ ਵੀ ਕੀਮਤ ’ਤੇ ਗੈਂਗਸਟਰਾਂ, ਅੱਤਵਾਦੀਆਂ ਅਤੇ ਹੋਰ ਅਪਰਾਧਕ ਅਨਸਰਾਂ ਨੂੰ ਸਿਰ ਨਹੀਂ ਚੁੱਕਣ ਦੇਵੇਗੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਸਰਹੱਦੀ ਸੂਬੇ ਪੰਜਾਬ ਨੂੰ ਅਪਰਾਧ-ਮੁਕਤ ਬਣਾਉਣ ਦੇ ਟੀਚੇ ਨੂੰ ਹਾਸਲ ਕਰੇਗੀ। ਨਸ਼ਿਆਂ ਖ਼ਿਲਾਫ਼ ਵਿੱਢੀ ਜੰਗ ਨੂੰ ਤੇਜ਼ ਕਰਦਿਆਂ ਪੰਜਾਬ ਦੇ ਡੀ. ਜੀ. ਪੀ. ਗੌਰਵ ਯਾਦਵ ਦੀ ਅਗਵਾਈ ਹੇਠ ਪੰਜਾਬ ਪੁਲਸ ਨੇ 2023 ’ਚ ਹੁਣ ਤਕ ਦੀ ਸਭ ਤੋਂ ਵੱਧ 1161 ਕਿਲੋਗ੍ਰਾਮ ਹੈਰੋਇਨ ਜ਼ਬਤ ਕਰਕੇ ਨਵਾਂ ਮੀਲ ਦਾ ਪੱਥਰ ਸਥਾਪਤ ਕੀਤਾ ਹੈ। ਪੰਜਾਬ ਪੁਲਸ ਦੇ ਆਈ. ਜੀ. (ਹੈੱਡਕੁਆਰਟਰ) ਡਾ. ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ ਇਹ ਪਹਿਲੀ ਵਾਰ ਹੈ ਕਿ 65 ਨਸ਼ਾ ਪੀੜਤਾਂ ਜਿਨ੍ਹਾਂ ਨੂੰ ਘੱਟ ਮਾਤਰਾ ’ਚ ਨਸ਼ੇ ਵਾਲੇ ਪਦਾਰਥਾਂ ਨਾਲ ਫੜਿਆ ਗਿਆ ਸੀ, ਨੇ ਆਪਣਾ ਇਲਾਜ ਕਰਵਾਉਣ ਦਾ ਪ੍ਰਣ ਲੈ ਕੇ ਐੱਨ. ਡੀ. ਪੀ. ਐੱਸ. ਦੀ ਧਾਰਾ 65-ਏ ਦਾ ਲਾਭ ਉਠਾਇਆ ਹੈ। 1 ਜਨਵਰੀ ਤੋਂ 26 ਦਸੰਬਰ 2023 ਤਕ ਪੰਜਾਬ ਪੁਲਸ ਨੇ 10786 ਐੱਫ਼. ਆਈ. ਆਰਜ਼ ਜਿਨ੍ਹਾਂ ਵਿਚ 1385 ਵਪਾਰਕ ਮਾਮਲੇ ਹਨ, ਦਰਜ ਕਰਕੇ 2424 ਵੱਡੀਆਂ ਮੱਛੀਆਂ ਸਮੇਤ 14951 ਨਸ਼ਾ ਸਮੱਗਲਰਾਂ/ਸਪਲਾਇਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

Leave a Reply

Your email address will not be published. Required fields are marked *