ਪੁਲਸ ਵੱਲੋਂ ਲੁਟੇਰਿਆਂ ਦਾ ਪਿੱਛਾ ਕਰਦੇ ਹੋਏ ਮੁੱਠਭੇੜ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਿਸ ਦੌਰਾਨ ਪੁਲਸ ਵੱਲੋਂ ਇੱਕ ਲੁਟੇਰੇ ਨੂੰ ਕਾਰ ਸਮੇਤ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜਦਕਿ ਦੂਸਰਾ ਲੁਟੇਰਾ ਗੰਨ ਪੁਆਇੰਟ ਉੱਪਰ ਕਿਸੇ ਵਿਅਕਤੀ ਦਾ ਮੋਟਰਸਾਈਕਲ ਖੋਹ ਫਰਾਰ ਹੋਣ ਵਿੱਚ ਕਾਮਯਾਬ ਹੋ ਗਿਆ।
ਜਾਣਕਾਰੀ ਅਨੁਸਾਰ ਥਾਣਾ ਚੋਹਲਾ ਸਾਹਿਬ ਦੇ ਮੁਖੀ ਇੰਸਪੈਕਟਰ ਵਿਨੋਦ ਸ਼ਰਮਾ ਦੀ ਅਗਵਾਈ ਹੇਠ ਇੱਕ ਵਿਸ਼ੇਸ਼ ਨਾਕਾਬੰਦੀ ਕੀਤੀ ਗਈ ਸੀ। ਜਿਸ ਦੌਰਾਨ ਇੱਕ ਕਾਰ ਵਿੱਚ ਸਵਾਰ ਦੋ ਵਿਅਕਤੀ ਜਿੰਨਾ ਕੋਲ ਅਸਲਾ ਮੌਜੂਦ ਸੀ, ਨੂੰ ਰੁਕਣ ਦਾ ਇਸ਼ਾਰਾ ਕੀਤਾ। ਜੋ ਪੁਲਸ ਪਾਰਟੀ ਨੂੰ ਵੇਖਦੇ ਹੋਏ ਕਾਰ ਭਜਾ ਕੇ ਲੈ ਗਏ। ਇਸ ਦੌਰਾਨ ਪੁਲਸ ਪਾਰਟੀ ਵੱਲੋਂ ਫ਼ਿਲਮੀ ਅੰਦਾਜ਼ ਵਿੱਚ ਲੁਟੇਰਿਆਂ ਦਾ ਪਿੱਛਾ ਕਰਦੇ ਹੋਏ ਜਦੋਂ ਉਨ੍ਹਾਂ ਨੂੰ ਕਰਿਆਲਾ ਕਸਬੇ ਨਜ਼ਦੀਕ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਵੱਲੋਂ ਪੁਲਸ ‘ਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਗਈ। ਜਵਾਬੀ ਫਾਇਰਿੰਗ ਕਰਦੇ ਹੋਏ ਪੁਲਸ ਪਾਰਟੀ ਨੇ ਇੱਕ ਲੁਟੇਰੇ ਨੂੰ ਅਸਲੇ ਸਮੇਤ ਗ੍ਰਿਫ਼ਤਾਰ ਕੀਤਾ ਹੈ, ਜਦਕਿ ਦੂਸਰਾ ਲੁਟੇਰਾ ਕਿਸੇ ਆਮ ਵਿਅਕਤੀ ਦਾ ਮੋਟਰਸਾਈਕਲ ਗਨ ਪੁਆਇੰਟ ਉੱਪਰ ਖੋਂਹਦੇ ਹੋਏ ਫ਼ਰਾਰ ਹੋ ਗਿਆ।
