ਫ਼ਿਰੋਜ਼ਪੁਰ ਨੇੜੇ 5 ਜਨਵਰੀ 2022 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਾਫ਼ਲੇ ਦੀ ਸੁਰੱਖਿਆ ਵਿਚ ‘ਕੁਤਾਹੀ’ ਦੇ ਮਾਮਲੇ ਵਿਚ ਪੰਜਾਬ ਪੁਲਸ ਨੇ ਬਠਿੰਡਾ ਦੇ ਐੱਸ. ਪੀ. ਸਣੇ ਸੱਤ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਫਿਰੋਜ਼ਪੁਰ ਵਿਚ ਰੈਲੀ ਨੂੰ ਸੰਬੋਧਨ ਕਰਨਾ ਸੀ। ਇਸ ਕੇਸ ਦੀ ਜਾਂਚ ਲਈ ਸੁਪਰੀਮ ਕੋਰਟ ਵੱਲੋਂ ਬਣਾਈ ਕਮੇਟੀ ਵੱਲੋਂ ਦਿੱਤੀ ਗਈ ਰਿਪੋਰਟ ਵਿਚ ਕਈ ਚੋਟੀ ਦੇ ਅਧਿਕਾਰੀਆਂ ਨੂੰ ਇਸ ਕੁਤਾਹੀ ਲਈ ਜ਼ਿੰਮੇਵਾਰ ਠਹਿਰਾਇਆ ਗਿਆ ਹੈ ਜਿਨ੍ਹਾਂ ਵਿਚ ਤਤਕਾਲੀ ਗ੍ਰਹਿ ਸਕੱਤਰ ਤੇ ਡੀ. ਜੀ. ਪੀ. ਸਣੇ ਐਡੀਸ਼ਨਲ ਡੀ. ਜੀ. ਪੀ. ਤੇ ਐੱਸ. ਐੱਸ. ਪੀ ਰੈਂਕ ਦੇ ਅਧਿਕਾਰੀ ਸ਼ਾਮਲ ਹਨ। ਇਹ ਰਿਪੋਰਟ ਆਈ. ਪੀ. ਐੱਸ ਅਧਿਕਾਰੀਆਂ ’ਤੇ ਕੇਂਦਰਿਤ ਹੈ ਜਿਸ ਵਿਚ ਸੂਬਾ ਸਰਕਾਰ ਨੂੰ ਕਿਹਾ ਗਿਆ ਹੈ ਕਿ ਇਸ ਕੁਤਾਹੀ ਵਿਚ ਪੰਜਾਬ ਪੁਲਸ ਦੇ ਅਧਿਕਾਰੀਆਂ ਦੀ ਭੂਮਿਕਾ ਦੀ ਜਾਂਚ ਕਰਵਾਈ ਜਾਵੇ।
ਜਾਣਕਾਰੀ ਮੁਤਾਬਕ ਜਿਨ੍ਹਾਂ ਅਧਿਕਾਰੀਆਂ ਨੂੰ ਮੁਅੱਤਲ ਕੀਤਾ ਗਿਆ ਹੈ ਉਨ੍ਹਾਂ ਵਿਚ ਐੱਸਪੀ (ਬਠਿੰਡਾ) ਗੁਰਬਿੰਦਰ ਸਿੰਘ ਜੋ ਕਿ ਘਟਨਾ ਵੇਲੇ ਫਿਰੋਜ਼ਪੁਰ ਦੇ ਐੱਸ. ਪੀ ਸਨ, ਡੀ. ਐੱਸ. ਪੀ ਪ੍ਰਸੂਨ ਸਿੰਘ ਤੇ ਜਗਦੀਸ਼ ਕੁਮਾਰ, ਇੰਸਪੈਕਟਰ ਜਤਿੰਦਰ ਸਿੰਘ ਤੇ ਬਲਵਿੰਦਰ ਸਿੰਘ, ਸਬ-ਇੰਸਪੈਕਟਰ ਜਸਵੰਤ ਸਿੰਘ ਤੇ ਏ. ਐੱਸ. ਆਈ. ਰਮੇਸ਼ ਕੁਮਾਰ ਸ਼ਾਮਲ ਹਨ। ਗ੍ਰਹਿ ਸਕੱਤਰ ਗੁਰਕੀਰਤ ਕਿਰਪਾਲ ਸਿੰਘ ਨੇ ਪੁਲਸ ਅਧਿਕਾਰੀਆਂ ਦੀ ਮੁਅੱਤਲੀ ਬਾਰੇ 22 ਨਵੰਬਰ ਨੂੰ ਹੁਕਮ ਜਾਰੀ ਕੀਤੇ ਸਨ ਜੋ ਕਿ ਅੱਜ ਜਨਤਕ ਹੋਏ ਹਨ। ਉਨ੍ਹਾਂ ਨੇ ਦੱਸਿਆ ਕਿ ਇਸ ਕੁਤਾਹੀ ਲਈ ਜ਼ਿੰਮੇਵਾਰ ਹੋਰ ਅਧਿਕਾਰੀਆਂ ਖ਼ਿਲਾਫ਼ ਵੀ ਕਾਰਵਾਈ ਵਿਚਾਰ ਅਧੀਨ ਹੈ।
