ਐਸ.ਏ.ਐਸ. ਨਗਰ ਦੇ ਸੀਨੀਅਰ ਕਪਤਾਨ ਪੁਲਿਸ ਸ੍ਰੀ ਹਰਮਨਦੀਪ ਸਿੰਘ ਹੰਸ, ਆਈ.ਪੀ.ਐਸ. ਦੀ ਯੋਗ ਅਗਵਾਈ ਅਤੇ ਦਿਸ਼ਾ-ਨਿਰਦੇਸ਼ਾਂ ਹੇਠ ਮੋਹਾਲੀ ਪੁਲਿਸ ਨੇ ਭਗੌੜੇ ਅਪਰਾਧੀਆਂ (ਪੀ.ਓ.) ਦੀ ਗ੍ਰਿਫਤਾਰੀ ਲਈ ਇੱਕ ਵਿਸ਼ੇਸ਼ ਮੁਹਿੰਮ ਚਲਾਈ ਹੈ। ਇਸ ਮੁਹਿੰਮ ਦੀ ਨਿਗਰਾਨੀ ਸ੍ਰੀ ਅਜੀਤਪਾਲ ਸਿੰਘ, ਉਪ ਕਪਤਾਨ ਪੁਲਿਸ (CAW) ਵੱਲੋਂ ਕੀਤੀ ਗਈ। ਪਿਛਲੇ 11 ਮਹੀਨਿਆਂ (ਮਿਤੀ 01.06.2025 ਤੋਂ 30.04.2026) ਦੇ ਸਮੇਂ ਦੌਰਾਨ ਸਾਰੇ ਥਾਣਿਆਂ ਅਤੇ ਪੀ.ਓ. ਸਟਾਫ ਨੇ ਸਾਂਝੇ ਤੌਰ ‘ਤੇ ਕਾਰਵਾਈ ਕਰਦਿਆਂ ਕੁੱਲ 255 ਭਗੌੜਿਆਂ ਨੂੰ ਗ੍ਰਿਫਤਾਰ ਕਰਕੇ ਜਾਂ ਤਸਦੀਕ ਕਰਨ ਉਪਰੰਤ ਪੀ.ਓ. ਸੂਚੀ ਵਿੱਚੋਂ ਬਾਹਰ ਕੱਢ ਦਿੱਤਾ ਹੈ, ਜੋ ਕਿ ਪੁਲਿਸ ਵਿਭਾਗ ਲਈ ਇੱਕ ਵੱਡੀ ਉਪਲਬਧੀ ਮੰਨੀ ਜਾ ਰਹੀ ਹੈ।
ਇਸ ਮੁਹਿੰਮ ਦੇ ਵੇਰਵਿਆਂ ਅਨੁਸਾਰ, ਕਾਰਵਾਈ ਕੀਤੇ ਗਏ ਭਗੌੜਿਆਂ ਵਿੱਚੋਂ 25 ਅਪਰਾਧੀ 82/83 ਸੀ.ਆਰ.ਪੀ.ਸੀ. (84/85 BNSS) ਅਤੇ 230 ਅਪਰਾਧੀ 299 ਸੀ.ਆਰ.ਪੀ.ਸੀ. (335 BNSS) ਦੇ ਅਧੀਨ ਘੋਸ਼ਿਤ ਕੀਤੇ ਗਏ ਸਨ। ਕੁੱਲ 255 ਵਿਅਕਤੀਆਂ ਵਿੱਚੋਂ 158 ਭਗੌੜਿਆਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ, ਜਦਕਿ 20 ਭਗੌੜਿਆਂ ਨੂੰ ਮੁਕੱਦਮਾ ਸਜ਼ਾ, ਬਰੀ ਜਾਂ ਕੂਐਸ਼ ਹੋਣ ਕਾਰਨ ਸੂਚੀ ਵਿੱਚੋਂ ਹਟਾਇਆ ਗਿਆ ਹੈ। ਇਸ ਤੋਂ ਇਲਾਵਾ 77 ਅਜਿਹੇ ਭਗੌੜੇ ਸਨ ਜਿਨ੍ਹਾਂ ਦੀ ਮੌਤ ਹੋ ਜਾਣ ਕਾਰਨ ਉਨ੍ਹਾਂ ਦੇ ਨਾਮ ਪੀ.ਓ. ਸੂਚੀ ਵਿੱਚੋਂ ਖਾਰਜ ਕੀਤੇ ਗਏ ਹਨ। ਇਹ ਵੀ ਜ਼ਿਕਰਯੋਗ ਹੈ ਕਿ ਇਹਨਾਂ ਵਿੱਚੋਂ 08 ਭਗੌੜੇ ਗੰਭੀਰ ਅਪਰਾਧਾਂ (Heinous Crimes) ਅਤੇ 10 ਭਗੌੜੇ ਚੈੱਕ ਬਾਊਂਸ ਦੇ ਕੇਸਾਂ ਨਾਲ ਸਬੰਧਤ ਸਨ।
ਮੋਹਾਲੀ ਪੁਲਿਸ ਵੱਲੋਂ ਬਾਕੀ ਰਹਿੰਦੇ ਭਗੌੜੇ ਅਪਰਾਧੀਆਂ ਨੂੰ ਕਾਬੂ ਕਰਨ ਲਈ ਯਤਨ ਲਗਾਤਾਰ ਜਾਰੀ ਹਨ। ਪੁਲਿਸ ਅਨੁਸਾਰ ਇਸ ਕਾਰਜ ਲਈ ਵਿਸ਼ੇਸ਼ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ ਤਾਂ ਜੋ ਬਚੇ ਹੋਏ ਭਗੌੜਿਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਪੀ.ਓ. ਸੂਚੀ ਵਿੱਚੋਂ ਬਾਹਰ ਕੀਤਾ ਜਾ ਸਕੇ। ਪੁਲਿਸ ਅਧਿਕਾਰੀਆਂ ਨੇ ਭਰੋਸਾ ਦਿੱਤਾ ਹੈ ਕਿ ਅਪਰਾਧੀਆਂ ਵਿਰੁੱਧ ਇਹ ਮੁਹਿੰਮ ਆਉਣ ਵਾਲੇ ਸਮੇਂ ਵਿੱਚ ਵੀ ਇਸੇ ਤਰ੍ਹਾਂ ਜਾਰੀ ਰਹੇਗੀ।
