ਬਲਾਚੌਰ (ਸਮਰਦੀਪ ਸਿੰਘ) – ਤਿਉਹਾਰਾਂ ਦੇ ਚੱਲਦਿਆਂ ਇਨ੍ਹੀਂ ਦਿਨੀਂ ਬਾਜ਼ਾਰਾਂ ਵਿੱਚ ਗਾਹਕਾਂ ਦੀ ਭੀੜ ਵੱਧ ਗਈ ਹੈ, ਜਿਸ ਕਾਰਨ ਬਾਜ਼ਾਰਾਂ ਵਿੱਚ ਖਰੀਦਦਾਰੀ ਕਰਨ ਵਾਲੇ ਲੋਕਾਂ ਦੀ ਭੀੜ ਲੱਗੀ ਹੋਈ ਹੈ ਅਤੇ ਪੈਦਲ ਯਾਤਰੀਆਂ ਦੀ ਵੀ ਵੱਡੀ ਗਿਣਤੀ ਹੈ। ਦੂਜੇ ਪਾਸੇ ਦੁਕਾਨਦਾਰ ਆਪਣੀਆਂ ਦੁਕਾਨਾਂ ਤੋਂ ਬਾਹਰ ਫੁੱਟਪਾਥ ‘ਤੇ ਕਬਜਾ ਕਰਕੇ ਆਪਣਾ ਸਾਮਾਨ ਬਾਹਰ ਰੱਖ ਦਿੰਦੇ ਹਨ ਜਿਸ ਨਾਲ ਬਜ਼ਾਰ ਬਹੁਤ ਤੰਗ ਦਿਖਾਈ ਦਿੰਦੇ ਹਨ। ਇਸ ਤੋਂ ਇਲਾਵਾ ਕੁਝ ਲੋਕ ਬਾਜ਼ਾਰ ਵਿੱਚ ਆਪਣੇ ਵਾਹਨ ਗਲਤ ਪਾਰਕ ਕਰ ਦਿੰਦੇ ਹਨ, ਜਿਸ ਕਾਰਨ ਪੈਦਲ ਚੱਲਣ ਵਾਲਿਆਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਟ੍ਰੈਫਿਕ ਜਾਮ ਵਰਗੇ ਹਾਲਾਤ ਪੈਦਾ ਹੋ ਜਾਂਦੇ ਹਨ। ਇਸੇ ਕਾਰਨ ਅੱਜ ਬਲਾਚੌਰ ਦੇ ਭੱਦੀ ਰੋਡ ‘ਤੇ ਟ੍ਰੈਫਿਕ ਇੰਚਾਰਜ ਜੋਗਿੰਦਰ ਪਾਲ ਨੇ ਪੁਲਸ ਥਾਣਾ ਸਿਟੀ ਇੰਚਾਰਜ ਮਨਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੈਦਲ ਚੱਲ ਕੇ ਗਲਤ ਪਾਰਕ ਕੀਤੇ ਵਾਹਨਾਂ ਦੇ ਚਲਾਨ ਕੱਟੇ ਅਤੇ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਇਆ। ਉਨ੍ਹਾਂ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਸਾਮਾਨ ਦੁਕਾਨਾਂ ਦੇ ਅੰਦਰ ਹੀ ਰੱਖਣ ਤਾਂ ਜੋ ਬਾਜ਼ਾਰ ਵਿੱਚ ਆਵਾਜਾਈ ਵਧਣ ਕਾਰਨ ਟ੍ਰੈਫਿਕ ਜਾਮ ਵਰਗੀ ਸਥਿਤੀ ਪੈਦਾ ਨਾ ਹੋਵੇ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਵਾਹਨ ਸਹੀ ਢੰਗ ਨਾਲ ਪਾਰਕ ਕਰਕੇ ਹੀ ਦੁਕਾਨਾਂ ‘ਤੇ ਜਾਣ ਤਾਂ ਜੋ ਹੋਰ ਲੋਕਾਂ ਨੂੰ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਚਲਾਨ ਕੱਟਣ ਤੋਂ ਵੀ ਬਚਿਆ ਜਾ ਸਕੇ।
