ਪਠਾਨਕੋਟ ਪੁਲਿਸ ਵੱਲੋਂ ਗਊ ਤਸਕਰੀ ਮਾਮਲੇ ‘ਚ ਵੱਡੀ ਕਾਮਯਾਬੀ ਹਾਸਲ ਕੀਤੀ ਗਈ ਹੈ ਜਿਸ ਤਹਿਤ 21 ਜ਼ਿੰਦਾ ਗਾਵਾਂ ਸਹਿਤ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।ਐਸਐਸਪੀ ਪਠਾਨਕੋਟ ਦਲਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਜਿਸ ਦੇ ਆਧਾਰ ‘ਤੇ ਥਾਣਾ ਸਦਰ ਅਧੀਨ ਆਉਂਦੇ ਪਿੰਡ ਖੰਨੀ ਖੂਹੀ ਵਿਖੇ ਪੁਲਿਸ ਵੱਲੋਂ ਤੜਕਸਾਰ ਰੇਡ ਕਰ ਵਿਕਟਰ ਮਸੀਹ ਨਾਮਕ ਵਿਅਕਤੀ ਦੇ ਘਰ ਵਿੱਚੋਂ 21 ਗਾਵਾਂ ਜਿਨ੍ਹਾਂ ਵਿੱਚੋਂ ਕਈਆਂ ਦੀ ਹਾਲਤ ਬਹੁਤ ਖ਼ਰਾਬ ਸੀ ਤੇ ਦੋ ਮਰੀਆਂ ਹੋਈਆਂ ਵਛੜੀਆਂ ਬਰਾਮਦ ਕੀਤੀਆਂ ਹਨ। ਉਨ੍ਹਾਂ ਦੱਸਿਆ ਕਿ ਵਿਕਟਰ ਮਸੀਹ ਦੇ ਘਰ ‘ਚੋਂ ਗਾਵਾਂ ਨੂੰ ਮਾਰਨ ਵਾਲੇ ਤੇਜ਼ਧਾਰ ਹਥਿਆਰ ਵੀ ਬਰਾਮਦ ਕੀਤੇ ਗਏ ਹਨ। ਐਸਐਸਪੀ ਢਿੱਲੋਂ ਨੇ ਦੱਸਿਆ ਕਿ ਗਾਵਾਂ ਨੂੰ ਗਊਸ਼ਾਲਾ ‘ਚ ਇਲਾਜ ਲਈ ਭੇਜ ਦਿੱਤਾ ਗਿਆ ਹੈ ਤੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
